By Aman Moga
ਸੁਰਗਾਂ ਵਾਲੇ ਸੁੱਖ ਤੋਂ ਸੋਹਣਾ,
ਬੁੱਕਲ ਤੇਰੀ ਦਾ ਸੁੱਖ ਨੀ ਮਾਂਏ।
ਤੇਰੇ ਮੱਖਣ, ਦੁੱਧ, ਦਹੀਂ ਦੀ,
ਮੁੜ ਨਾ ਆਈ ਰੁੱਤ ਨੀ ਮਾਂਏ।
ਤਦ ਦੀ ਤੂੰ ਰਗ-ਰਗ ਦੀ ਵਾਕਫ਼,
ਜਦ ਸੀ ਮੈਂ ਵਿੱਚ ਕੁੱਖ ਨੀ ਮਾਂਏ।
ਤੂੰ ਤੇ ਸਭ ਕੁੱਝ ਜਾਣਦੀ ਏ ਨਾ,
ਤੈਥੋਂ ਕੀ ਏ ਲੁੱਕ ਨੀ ਮਾਂਏ।
ਚਿਹਰੇ ਵਾਲੀ ਝੁਰੜੀ ਤੱਕ ਕੇ,
ਨਾਪ ਲੈ ਮੇਰਾ ਦੁੱਖ ਨੀ ਮਾਂਏ।
ਵਕਤਾਂ ਉੱਤੇ ਕਾਹਦੇ ਰੋਸੇ,
ਜੇ ਜਾਵਣ ਹੱਥੋਂ ਖੁੱਸ ਨੀ ਮਾਂਏ।
ਆਪਣੀ ਕੀਤੀ ਕੰਨੀ ਪੈ ਜੇ,
ਇਹਤੋਂ ਭਲੀ ਆ ਚੁੱਪ ਨੀ ਮਾਂਏ।
ਫਿਰ ਮੈਂ ਉਦੋਂ ਹੰਕਾਰੀ ਹੁਣਾਂ,
ਜਦ ਮੱਥਾ ਚੁੰਮੇ ਘੁੱਟ ਨੀ ਮਾਂਏ।
ਸੱਤੀਂ ਹੱਥੀਂ ਸਬਰ ਪਰੋਸੇਂ,
ਮੰਗੇ ਜੇ ਕੋਈ ਟੁੱਕ ਨੀ ਮਾਂਏ।
ਜਿਹਦੀ ਛਾਂ ਬੱਦਲਾਂ ਤੋਂ ਗਹਿਰੀ,
ਤੂੰ ਉਹ ਰੂਹਾਨੀ ਰੁੱਖ ਨੀ ਮਾਂਏ।
ਸੁਰਗਾਂ ਵਾਲੇ ਸੁੱਖ ਤੋਂ ਸੋਹਣਾ,
ਬੁੱਕਲ ਤੇਰੀ ਦਾ ਸੁੱਖ ਨੀ ਮਾਂਏ।
incredible…
“ਚਿਹਰੇ ਵਾਲੀ ਝੁਰੜੀ ਤੱਕ ਕੇ ਨਾਪ ਲੈ ਮੇਰਾ ਦੁੱਖ ਨੀ ਮਾਂਏ” ਕਿੰਨੀ ਚੀਸ ਆ ਦਰਦ ਆ ……. ਜਿਉਂਦੇ ਰਹੋ ਅਮਨ।
ਬਹੁਤ ਸੋਹਣਾ ਜੀ!